ਪੋਸਟ–ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ
ਪਟਿਆਲਾ: 29 ਅਪ੍ਰੈਲ 2023
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ–ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਇਸ ਗੋਸ਼ਟੀ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਚਿਣਗ–ਚੇਤਨਾ ਪੈਦਾ ਕਰਨ ਅਤੇ ਵਿਦਿਆਰਥੀਆਂ ਦੀ ਸਾਹਿਤਕ ਪ੍ਰਤਿਭਾ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਉਣਾ ਰਿਹਾ ਹੈ। ਜਿਸ ਵਿੱਚ ਪੰਜਾਬੀ ਵਿਭਾਗ ਸਮੇਤ ਵੱਖ–ਵੱਖ ਵਿਭਾਗਾਂ ਦੇ ਸਾਹਿਤ ਅਤੇ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ ।ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਪਟਿਆਲੇ ਵਿੱਚ 1960 ਦੇ ਦਹਾਕੇ ਵਿੱਚ ਸਰਗਰਮ ਰਹੇ ਬਹੁ-ਚਰਚਿਤ ਸਾਹਿਤਕ ਗਰੁੱਪ ‘ਭੂਤਵਾੜੇ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਸਾਹਿਤ ਹਮੇਸ਼ਾ ਸਮਾਜ ਵਿੱਚ ਉਸਾਰੂ ਸੰਵਾਦ ਸਿਰਜਕੇ ਆਪਣੇ ਵੇਲ਼ਿਆਂ ਤੋਂ ਅਗਾਂਹ ਦੀ ਗੱਲ ਕਰਦਾ ਰਿਹਾ ਹੈ।” ਉਹਨਾਂ ਵਿਸ਼ਵ ਸਾਹਿਤ ਦੀ ਚਰਚਾ ਕਰਦਿਆਂ ਟਾਲਸਟਾਏ ਦੇ ਪ੍ਰਸਿੱਧ ਨਾਵਲ ‘ਜੰਗ ਅਤੇ ਅਮਨ’ ਦਾ ਹਵਾਲਾ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ “ਇਹ ਨਾਵਲ ਕੇਵਲ ਬਾਹਰੀ ਯੁੱਧ ਅਤੇ ਅਮਨ ਬਾਰੇ ਨਹੀਂ ਹੈ ਸਗੋਂ ਮਨੁੱਖ ਦੇ ਅੰਤਰ ਮਨ ਵਿੱਚ ਚਲਦੇ ਦਵੰਦਾਂ ਯੁੱਧਾਂ ਦੀ ਬਾਤ ਪਾਕੇ ਪ੍ਰਸਿੱਧ ਗ੍ਰੰਥ ਮਹਾਭਾਰਤ ਵਾਂਗ ਮਨੁੱਖ ਦੇ ਅਨੇਕਾਂ ਰੂਪਾਂ ਨੂੰ ਉਸਦੇ ਸਾਹਮਣੇ ਉਜਾਗਰ ਕਰਕੇ ਉਸਨੂੰ ਜੀਵਨ ਦੀ ਸੂਝ ਅਤੇ ਸਿਆਣਪ ਦਿੰਦਾ ਹੈ।” ਅੰਤ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ “ ਸਾਨੂੰ ਚੰਗੀਆਂ ਰਚਨਾਵਾਂ ਸਿਰਜਣ ਲਈ ਜ਼ਰੂਰੀ ਹੈ ਕਿ ਅਸੀ ਵਿਸ਼ਵ ਦੇ ਕਲਾਸਿਕ ਸਾਹਿਤ ਦਾ ਨਿੱਠ ਕੇ ਅਧਿਐਨ ਕਰੀਏ।”
ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਸਾਹਿਤਕ ਗੋਸ਼ਟੀਆਂ ਦੇ ਯੋਗਦਾਨ ਦੀ ਮਹੱਤਤਾ ਬਾਰੇ ਜ਼ਿਕਰ ਕੀਤਾ। ਉਹਨਾਂ ਸੰਖੇਪ ਵਿੱਚ ਵਿਦਿਆਰਥੀਆਂ ਨਾਲ ਕਾਲਜ ਦੀ ਸਾਹਿਤਕ ਗੋਸ਼ਟੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ। ਉਹਨਾਂ ਸਾਹਿਤ ਦੀ ਜੀਵਨ ਵਿੱਚ ਮਹੱਤਤਾ ਸਮਝਾਉਂਦਿਆ ਕਿਹਾ ਕਿ “ਸਾਹਿਤ ਮਨੁੱਖ ਨੂੰ ਸਮਾਜ ਨਾਲ ਜੋੜਦਾ ਹੈ। ਸਾਹਿਤਕ ਗੋਸ਼ਟੀ ਰਾਹੀਂ ਵਿਦਿਆਰਥੀ ਸਾਹਿਤ ਸਿਰਜਕ ਅਤੇ ਸਰੋਤੇ ਦੇ ਤੌਰ ’ਤੇ, ਦੋਵੇਂ ਤਰਾਂ ਨਾਲ ਸਾਹਿਤ ਨਾਲ ਜੁੜਦਾ ਹੈ”। ਉਹਨਾਂ ਕਿਹਾ ਕਿ “ਜਿਹੜੇ ਵਿਦਿਆਰਥੀ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਅਜਿਹੀਆਂ ਸਰਗਰਮੀਆਂ ਦਾ ਹਿੱਸਾ ਬਣਦੇ ਹਨ ਉਹਨਾਂ ਦੀ ਸ਼ਖਸੀਅਤ ਵਧੇਰੇ ਸਹਿਜ ਅਤੇ ਵਿਕਸਿਤ ਹੁੰਦੀ ਹੈ।”
ਇਸ ਸਮੇਂ ਵੱਖ–ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਆਪਣੇ ਭਾਵਾਂ, ਵਿਚਾਰਾਂ ਨੂੰ ਸੁਹਜਮਈ ਅਤੇ ਸੂਝਮਈ ਢੰਗ ਨਾਲ ਖੂਬਸੂਰਤ ਭਾਸ਼ਾ ਵਿਚ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਹਨਾਂ ਰਚਨਾਵਾਂ ਰਾਹੀਂ ਵੱਖ–ਵੱਖ ਸਮਾਜਕ ਮੁੱਦਿਆਂ ਅਤੇ ਮਨੁੱਖ ਦੇ ਜੀਵਨ ਵਰਤਾਰਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੂਹਣ ਦਾ ਯਤਨ ਕੀਤਾ। ਇਸ ਸਾਹਿਤਕ ਗੋਸ਼ਟੀ ਵਿੱਚ ਕਾਲਜ ਵਿਦਿਆਰਥੀ ਕਮਲਦੀਪ ਸਿੰਘ, ਜਸਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅਜ਼ਾਦ ਕੁਮਾਰ, ਰਮਣੀਕ ਕੌਰ, ਗੁਰਉਪਦੇਸ਼ ਕੌਰ ਲਹਿਰੀ, ਜਸਪ੍ਰੀਤ ਕੌਰ, ਕਰਿਸ਼ਨਮ ਯਦੂਵੰਸ਼ੀ, ਜਸਪ੍ਰੀਤ ਸਿੰਘ ਚੋਣੀਵਾਲ, ਹਰਨੂਰ ਕੌਰ, ਭੁਪਿੰਦਰ ਸਿੰਘ ਖਡੌਲੀ, ਸਮਰ ਸੁਰੇਸ਼, ਸਤਵੀਰ ਸਿੰਘ (ਜਿੰਮੀ) ਅਤੇ ਖੁਸ਼ਵੀਨ ਸ਼ਰਮਾ ਨੇ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਇਸ ਸਾਹਿਤਕ ਗੋਸ਼ਟੀ ਦੇ ਮੰਚ ਸੰਚਾਲਨ ਕਰਦੇ ਹੋਏ ਸਾਹਿਤ ਸਭਾ ਦੇ ਪ੍ਰੋਫ਼ੈਸਰ ਇੰਚਾਰਜ ਡਾ. ਦਵਿੰਦਰ ਸਿੰਘ ਨੇ ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਸੰਜੀਦਗੀ ਨਾਲ ਸੋਚਣ, ਪੜ੍ਹਨ, ਲਿਖਣ ਅਤੇ ਇਸਦੇ ਭਵਿੱਖਮੁਖੀ ਆਦਰਸ਼ਾਂ ਵੱਲ ਸੇਧਿਤ ਹੋਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਗਲੇਰੀਆਂ ਰਚਨਾਵਾਂ ਦੀ ਸਿਰਜਣਾ ਲਈ ਸੁਯੋਗ ਸੁਝਾਅ ਦਿੱਤੇ। ਇਸ ਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੇ ਸਮੁੱਚੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਡਾ. ਰੁਪਿੰਦਰ ਸ਼ਰਮਾ (ਹਿੰਦੀ ਵਿਭਾਗ), ਡਾ.ਮੁਹੰਮਦ ਹਬੀਬ (ਸੰਗੀਤ ਵਿਭਾਗ), ਮਨਜੋਤ ਕੌਰ (ਕਮਰਸ ਵਿਭਾਗ), ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸ ਸਾਹਿਤਕ ਗੋਸ਼ਟੀ ਦੇ ਅੰਤ ਵਿੱਚ ਸਾਹਿਤ ਸਭਾ ਦੇ ਵਿਦਿਆਰਥੀ ਸਕੱਤਰ ਕਮਲਦੀਪ ਸਿੰਘ (ਐਮ.ਏ. ਭਾਗ ਦੂਜਾ) ਨੇ ਇਸ ਸਾਹਿਤਕ ਗੋਸ਼ਟੀ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।